*ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ*ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ**ਅੰਗ-866, 08 ਅਪ੍ਰੈਲ 2026*


 ਗੋਂਡ ਮਹਲਾ ੫ ॥

 *ਧੂਪ ਦੀਪ ਸੇਵਾ ਗੋਪਾਲ ॥* 

(ਹੇ ਭਾਈ! ਕਰਮ ਕਾਂਡੀ ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ, ਉਹਨਾਂ ਦੇ ਅੱਗੇ ਧੂਪ ਧੁਖਾਂਦੇ ਹਨ ਅਤੇ ਦੀਵੇ ਬਾਲਦੇ ਹਨ, ਪਰ) ਪਰਮਾਤਮਾ ਦੀ ਭਗਤੀ ਕਰਨੀ ਹੀ ਉਸ ਮਨੁੱਖ ਵਾਸਤੇ 'ਧੂਪ ਦੀਪ' ਦੀ ਕ੍ਰਿਆ ਹੈ,

 *ਅਨਿਕ ਬਾਰ ਬੰਦਨ ਕਰਤਾਰ ॥* 

(ਭਗਤੀ ਕਰਦਾ ਹੋਇਆ ਉਹ ਮਾਨੋ) ਪਰਮਾਤਮਾ ਦੇ ਦਰ ਤੇ ਹਰ ਵੇਲੇ ਸਿਰ ਨਿਵਾਈ ਰੱਖਦਾ ਹੈ।

 *ਪ੍ਰਭ ਕੀ ਸਰਣਿ ਗਹੀ ਸਭ ਤਿਆਗਿ ॥* 

ਉਹ (ਧੂਪ ਦੀਪ ਆਦਿਕ ਵਾਲੀ) ਸਾਰੀ ਕ੍ਰਿਆ ਛੱਡ ਕੇ ਪ੍ਰਭੂ ਦਾ ਆਸਰਾ ਲੈਂਦਾ ਹੈ।

 *ਗੁਰ ਸੁਪ੍ਰਸੰਨ ਭਏ ਵਡਭਾਗਿ ॥੧॥* 

(ਇਉਂ ਉਸ) ਮਨੁੱਖ ਉਤੇ ਵੱਡੀ ਕਿਸਮਤ ਨਾਲ ਗੁਰੂ ਮੇਹਰਬਾਨ ਹੋ ਪਏ ਹਨ ॥੧॥

 *ਆਠ ਪਹਰ ਗਾਈਐ ਗੋਬਿੰਦੁ ॥* 

ਹੇ ਭਾਈ! ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਅੱਠੇ ਪਹਿਰ (ਹਰ ਵੇਲੇ) ਕਰਨੀ ਚਾਹੀਦੀ ਹੈ,

 *ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥* 

ਜਿਸ ਦਾ ਦਿੱਤਾ ਹੋਇਆ ਸਾਡਾ ਇਹ ਸਰੀਰ ਹੈ, ਇਹ ਜਿੰਦ ਹੈ ਅਤੇ ਧਨ ਹੈ ॥੧॥ ਰਹਾਉ ॥

 *ਹਰਿ ਗੁਣ ਰਮਤ ਭਏ ਆਨੰਦ ॥* 

ਉਸ ਪਰਮਾਤਮਾ ਦੇ ਗੁਣ ਗਾਂਦਿਆਂ ਉਨ੍ਹਾਂ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ,

 *ਪਾਰਬ੍ਰਹਮ ਪੂਰਨ ਬਖਸੰਦ ॥* 

ਸਰਬ-ਵਿਆਪਕ ਅਤੇ ਬਖ਼ਸ਼ਸ਼ ਕਰਨ ਵਾਲਾ ਹੈ।

 *ਕਰਿ ਕਿਰਪਾ ਜਨ ਸੇਵਾ ਲਾਏ ॥* 

ਹੇ ਭਾਈ! ਪਰਮਾਤਮਾ ਮੇਹਰ ਕਰ ਕੇ ਆਪਣੇ ਸੇਵਕਾਂ ਨੂੰ ਆਪਣੀ ਭਗਤੀ ਵਿਚ ਜੋੜਦਾ ਹੈ,

 *ਜਨਮ ਮਰਣ ਦੁਖ ਮੇਟਿ ਮਿਲਾਏ ॥੨॥* 

ਉਹਨਾਂ ਦੇ ਜਨਮ ਤੋਂ ਲੈ ਕੇ ਮਰਨ ਤਕ ਦੇ ਸਾਰੇ ਦੁੱਖ ਮਿਟਾ ਕੇ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ॥੨॥

 *ਕਰਮ ਧਰਮ ਇਹੁ ਤਤੁ ਗਿਆਨੁ* ॥

ਹੇ ਭਾਈ! ਇਹੀ ਹੈ ਧਾਰਮਿਕ ਕਰਮ ਅਤੇ ਇਹੀ ਹੈ ਅਸਲ ਗਿਆਨ,

 *ਸਾਧਸੰਗਿ ਜਪੀਐ ਹਰਿ ਨਾਮੁ ॥* 

(ਜੋ) ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪਣਾ ਹੈ।

 *ਸਾਗਰ ਤਰਿ ਬੋਹਿਥ ਪ੍ਰਭ ਚਰਣ* ॥

ਹੇ ਭਾਈ! (ਉਸ) ਪਰਮਾਤਮਾ ਦੇ ਚਰਨਾਂ ਨੂੰ ਜਹਾਜ਼ ਬਣਾ ਕੇ ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ,

 *ਅੰਤਰਜਾਮੀ ਪ੍ਰਭ ਕਾਰਣ ਕਰਣ ॥੩॥* 

ਜੋ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਅਤੇ ਜਗਤ ਦੇ ਪੈਦਾ ਕਰਨ ਵਾਲਾ ਹੈ ॥੩॥

 *ਰਾਖਿ ਲੀਏ ਅਪਨੀ ਕਿਰਪਾ ਧਾਰਿ ॥* 

ਹੇ ਭਾਈ! ਪ੍ਰਭੂ ਆਪਣੀ ਮੇਹਰ ਕਰ ਕੇ ਜਿਨ੍ਹਾਂ ਦੀ ਰੱਖਿਆ ਕਰਦਾ ਹੈ,

 *ਪੰਚ ਦੂਤ ਭਾਗੇ ਬਿਕਰਾਲ ॥* 

(ਕਾਮਾਦਿਕ) ਪੰਜੇ ਡਰਾਉਣੇ ਵੈਰੀ ਉਹਨਾਂ ਤੋਂ ਪਰੇ ਭੱਜ ਜਾਂਦੇ ਹਨ।

 *ਜੂਐ ਜਨਮੁ ਨ ਕਬਹੂ ਹਾਰਿ ॥* 

ਉਹ ਮਨੁੱਖ (ਵਿਕਾਰਾਂ ਦੇ) ਜੂਏ ਵਿਚ ਆਪਣਾ ਜੀਵਨ ਕਦੇ ਭੀ ਨਹੀਂ ਗਵਾਂਦਾ,

 *ਨਾਨਕ ਕਾ ਅੰਗੁ ਕੀਆ ਕਰਤਾਰਿ ॥੪॥੧੨॥੧੪॥* 

ਹੇ ਨਾਨਕ! ਜਿਸ ਭੀ ਮਨੁੱਖ ਦਾ ਪੱਖ ਪਰਮਾਤਮਾ ਨੇ ਕੀਤਾ ਹੈ ॥੪॥੧੨॥੧੪॥

*ਵਾਹਿਗੁਰੂ ਜੀ ਕਾ ਖਾਲਸਾ* 
 *ਵਾਹਿਗੁਰੂ ਜੀ ਕੀ ਫਤਹਿ ਜੀ* 🙏

Post a Comment

Previous Post Next Post