ਹੁਣ ਤਾਂ ਬੰਦ ਪਈ ਏ ਕਿਸਮਤ,ਚੰਦਰੀ ਵਿੱਚ ਮਸ਼ੀਨਾਂ ਦੇ......। ਨਗਰ ਕੌਂਸਲ ਪਾਇਲ ਦੀਆਂ ਚੋਣਾਂ ਦੇ ਨਤੀਜੇ ਹੈਰਾਨੀਜਨਕ ਹੋਣ ਦੇ ਬਣੇ ਆਸਾਰ

ਹੁਣ ਤਾਂ ਬੰਦ ਪਈ ਏ ਕਿਸਮਤ,
ਚੰਦਰੀ ਵਿੱਚ ਮਸ਼ੀਨਾਂ ਦੇ......। 

ਨਗਰ ਕੌਂਸਲ ਪਾਇਲ ਦੀਆਂ ਚੋਣਾਂ ਦੇ ਨਤੀਜੇ ਹੈਰਾਨੀਜਨਕ ਹੋਣ ਦੇ ਬਣੇ ਆਸਾਰ 

ਪਾਇਲ 
 ਸੁਖਵੰਤ ਸਿੰਘ ਸ਼ਾਹਪੁਰ

 ਨਗਰ ਕੌਂਸਲ ਚੋਣਾਂ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਉਮੀਦਵਾਰਾਂ ਦੀ ਕਿਸਮਤ ਬੈਲਟ ਪੇਪਰ ਰਾਹੀਂ ਬਕਸਿਆਂ ਵਿੱਚ ਬੰਦ ਹੋ ਚੁੱਕੀ ਹੈ। ਵੋਟਰ ਆਪਣੇ ਚਹੇਤੇ ਉਮੀਦਵਾਰਾਂ ਦੀ ਜਿੱਤ ਦਾ ਬਿਗੁਲ ਸੁਣਨ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 
   ਇਸੇ ਤਰ੍ਹਾਂ ਜੇਕਰ ਨਗਰ ਕੌਂਸਲ ਪਾਇਲ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਚੋਣਾਂ ਦੇ ਨਤੀਜੇ ਹੈਰਾਨ ਕਰਨ ਵਾਲੇ ਜਾਪਦੇ ਵਿਖਾਈ ਦੇ ਰਹੇ ਹਨ , ਕਿਉਂਕਿ ਸੱਤਾਧਾਰੀ ਧਿਰ ਦੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਕੁੱਝ ਸਿਆਸੀ ਕਰੀਬੀ ਆਪ ਉਮੀਦਵਾਰਾਂ ਨੂੰ ਜਿੱਤਣ ਦੇ ਮਕਸਦ ਨਾਲ ਚੋਣ ਮੈਦਾਨ ਵਿੱਚ ਉਮੀਦਵਾਰ ਬਣਾਇਆ ਗਿਆ , ਜਿਸ ਤੋਂ ਖਫ਼ਾ ਹੋ ਕੇ ਆਪ ਦੇ ਕਈ ਟਕਸਾਲੀ ਚੋਣਾਂ ਤੋਂ ਕਿਨਾਰਾ ਕਰ ਗਏ ਕਿ ਹੁਣ ਇਹੀ ਤੁਹਾਨੂੰ ਪਾਇਲ ਸ਼ਹਿਰ ਜਿੱਤ ਕੇ ਦੇਣਗੇ।

 ਪਿਛਲੇ ਸਮੇਂ ਦੌਰਾਨ ਨਗਰ ਕੌਂਸਲ ਦੀ ਪ੍ਰਧਾਨਗੀ ਕਰ ਚੁੱਕੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਗੋਗਾ ਨੇ ਕੋਸ਼ਿਸ਼ਾਂ ਕਰ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਹਿੱਕ ਵਿੱਚ ਅਜਿਹਾ ਤੀਰ ਮਾਰਿਆ ਕਿ ਆਪਣੀ ਪ੍ਰਧਾਨਗੀ ਦਾ ਕਾਰਜਕਾਲ ਪੂਰਾ ਕਰਕੇ ਹੀ ਸਾਹ ਲਿਆ ਤੇ ਹੁਣ ਵਿਧਾਇਕ ਦੇ ਸਿਆਸੀ ਕਰੀਬੀ ਵਾਰਡ ਨੰਬਰ 10 ਤੋਂ ਪ੍ਰਧਾਨਗੀ ਦੇ ਦਾਅਵੇਦਾਰ ਆਪ ਉਮੀਦਵਾਰ ਬੂਟਾ ਸਿੰਘ ਰਾਣੋਂ ਦੇ ਮੁਕਾਬਲੇ ਚੋਣ ਮੈਦਾਨ ਵਿੱਚ ਥਾਪੀ ਮਾਰ ਕੇ ਸਖ਼ਤ ਟੱਕਰ ਦੇ ਕੇ ਆਉਣ ਵਾਲੇ ਸਮੇਂ ਲਈ ਕਾਂਗਰਸ ਦਾ ਰਾਹ ਪੱਧਰਾ ਕਰ ਦਿੱਤਾ। ਜਦੋਂ ਕਿ ਬੂਟਾ ਸਿੰਘ ਰਾਣੋਂ ਵੀ ਆਪ ਲਈ ਰਾਹ ਪੱਧਰਾ ਕਰਨ ਦੇ ਦਾਅਵੇ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਅਕਾਲੀ ਦਲ ਦੇ ਉਮੀਦਵਾਰ ਮਨਦੀਪ ਸਿੰਘ ਵੀ ਇਸ ਵਾਰਡ ਤੋਂ ਸਖ਼ਤ ਟੱਕਰ ਦੇ ਕੇ ਮੁਕਾਬਲੇ ਵਿੱਚ ਹਨ। 

   ਭਾਵੇਂ ਕਿ ਸ਼ਹਿਰ ਦੀ ਚੋਣ ਸਥਿਤੀ ਗੁੰਝਲਦਾਰ ਹੋਣ ਕਰਕੇ ਬਹੁਤੀ ਸਪੱਸ਼ਟ ਨਹੀਂ ਹੋ ਸਕਦੀ , ਪਰ ਸਿਆਸੀ ਕਨਸੋਆਂ ਇਹ ਸਪੱਸ਼ਟ ਕਰਦੀਆਂ ਹਨ ਕਿ ਇਸ ਵਾਰ ਫੇਰ ਬਾਜ਼ੀ ਕਾਂਗਰਸ ਦੇ ਹੱਥ ਆਵੇਗੀ। ਅਸੀਂ ਕੁੱਝ ਵਾਰਡਾਂ ਦੀ ਸਥਿਤੀ ਨੂੰ ਸਮਝ ਕੇ ਵਿਚਾਰ ਪੇਸ਼ ਕਰ ਰਹੇ ਹਾਂ ਤੇ ਇਸ ਸਮੇਂ ਬਹੁਤੇ ਵਾਰਡਾਂ ਦੀ ਸਥਿਤੀ ਨੂੰ ਇਸ ਕਰਕੇ ਸਪੱਸ਼ਟ ਨਹੀਂ ਕੀਤਾ ਜਾ ਸਕਦਾ ਤਾਂ ਕਿ ਕਿ ਉਮੀਦਵਾਰਾਂ ਦਾ ਕੱਦ ਛੋਟਾ ਨਾ ਹੋ ਸਕੇ। ਇਸੇ ਤਰ੍ਹਾਂ ਵਾਰਡ ਨੰਬਰ 8 ਵਿੱਚੋਂ ਧਾਲੀਵਾਲ ਪਰਿਵਾਰ ਦਾ ਹਿੱਸਾ ਜਾਣੇ ਜਾਂਦੇ ਨੌਜਵਾਨ ਅਕਾਲੀ ਤੋਂ ਆਪ ਵਿੱਚ ਸ਼ਾਮਿਲ ਹੋਏ ਸੁਖਪ੍ਰੀਤ ਸੋਹੀ ਦੀ ਸਥਿਤੀ ਵੀ ਮਜ਼ਬੂਤ ਦੱਸੀ ਜਾ ਰਹੀ ਹੈ। 

ਇਸੇ ਤਰ੍ਹਾਂ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੇ ਚਚੇਰੇ ਭਰਾ ਕਾਂਗਰਸੀ ਉਮੀਦਵਾਰ ਬਲਵੀਰ ਸਿੰਘ ਲਾਲਾ ਦੇ ਮੁਕਾਬਲੇ ਦੂਸਰਾ ਚਚੇਰਾ ਭਰਾ ਗਗਨਦੀਪ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਦੀ ਸਰਪ੍ਰਸਤੀ ਹੇਠ ਚੋਣ ਲੜਨ ਦਾ ਫੈਸਲਾ ਕਰਕੇ ਸ਼ਹਿਰ ਵਾਸੀਆਂ ਨੂੰ ਹੈਰਾਨ ਕਰ ਦਿੱਤਾ। ਉਧਰ ਕਾਂਗਰਸ ਛੱਡ ਕੇ ਤਾਜ਼ਾ - ਤਾਜ਼ਾ ਆਪ ਪਾਰਟੀ ਦੇ ਸੀਨੀਅਰ ਆਗੂ ਬਣੇ ਸਾਬਕਾ ਡਾਇਰੈਕਟਰ ਮਨਜੀਤ ਸਿੰਘ ਠੇਕੇਦਾਰ ਦੇ ਮੋਢਿਆਂ 'ਤੇ ਵਾਰਡ ਨੰਬਰ 4 ਦੀ ਜ਼ਿੰਮੇਵਾਰੀ ਪਾਈ ਹੋਈ ਸੀ ਕਿ ਹਰ ਹਾਲ ਵਿੱਚ ਠੇਕੇਦਾਰ ਇਹ ਸੀਟ ਜਿੱਤ ਕੇ ਦੇਣਗੇ ਤੇ ਜਦੋਂ ਕਿ ਕਾਂਗਰਸ ਦੇ ਕੌਂਸਲਰ ਰਹੇ ਧਰਮਿੰਦਰ ਸਿੰਘ ਛਿੰਦੀ ਵੀ ਮਜ਼ਬੂਤ ਉਮੀਦਵਾਰ ਹਨ। ਇਸੇ ਤਰ੍ਹਾਂ ਵਾਰਡ ਨੰਬਰ 3 ਵਿੱਚੋਂ ਸਾਬਕਾ ਡਾਇਰੈਕਟਰ ਰਮਲਜੀਤ ਸਿੰਘ ਗਰਚਾ ਵੱਲੋਂ ਆਪਣੀ ਪਤਨੀ ਹਰਮੀਤ ਕੌਰ ਗਰਚਾ ਨੂੰ ਕਾਂਗਰਸ ਦੇ ਉਮੀਦਵਾਰ ਵਜੋਂ ਖੁੱਲ੍ਹੀ ਚਣੌਤੀ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਾਡੀ ਜਿੱਤ ਪੱਕੀ ਹੈ। ਜਦੋਂ ਕਿ ਇਸੇ ਵਾਰਡ ਤੋਂ ਮੇਜਰ ਸਿੰਘ ਨੇ ਆਪਣੀ ਪਤਨੀ ਬਲਜਿੰਦਰ ਕੌਰ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ , ਜਿਸ ਨੇ ਫਸਵੀਂ ਟੱਕਰ ਦੇ ਇਸ ਚਣੌਤੀ ਨੂੰ ਕਬੂਲ ਕਰਦਿਆਂ ਜਿੱਤ ਦੇ ਸੰਕੇਤ ਦੇ ਦਿੱਤੇ ਹਨ। ਇਸ ਸਥਿਤੀ ਤੋਂ ਰਮਲਜੀਤ ਗਰਚਾ ਕਾਫ਼ੀ ਚਿੰਤਤ ਹੁੰਦੇ ਵਿਖਾਈ ਦੇਣਗੇ ਕਿ ਅਜਿਹੀ ਕੀ ਗੱਲ ਹੋ ਗਈ ਤੇ ਕਿਹੜੀ ਗੱਲੋੋਂ ਸਾਡੇ ਕਰੀਬੀ, ਸਾਡੇ ਨਾਲੋਂ ਨਾਤਾ ਤੋੜਦੇ ਜਾ ਰਹੇ ਹਨ। 

          ਉਧਰ ਦੂਜੇ ਪਾਸੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਨਗਰ ਕੌਂਸਲ ਪਾਇਲ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਚੀਮਾਂ ਦਾ ਚੋਣਾਂ ਵਿੱਚ ਭਾਜਪਾ ਉਮੀਦਵਾਰਾਂ ਨੂੰ ਖੜ੍ਹੇ ਕਰਕੇ ਸਿੱਧੇ ਤੌਰ 'ਤੇ ਹਿੱਸਾ ਲੈਣਾ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਨੂੰ ਸਾਹਮਣੇ ਲਿਆਉਂਦਾ ਹੈ ਕਿ ਜ਼ਿਲ੍ਹਾ ਪ੍ਰਧਾਨ ਚੀਮਾ ਕੋਲ ਸ਼ਹਿਰ ਵਿੱਚ ਆਪਣੀ ਕਾਰਗੁਜ਼ਾਰੀ ਦਿਖਾਉਣ ਦਾ ਢੁੱਕਵਾਂ ਸਮਾਂ ਹੈ । 

  ਇਸੇ ਤਰ੍ਹਾਂ ਅਕਾਲੀ ਦਲ ਦੇ ਹਲਕਾ ਇੰਚਾਰਜ਼ ਮਨਜੀਤ ਸਿੰਘ ਮਦਨੀਪੁਰ ਵੱਲੋਂ ਪਾਰਟੀ ਦੇ ਹੁਕਮ ਅਨੁਸਾਰ ਅਕਾਲੀ ਦਲ ਦੇ ਸੀਨੀਅਰ ਆਗੂਆਂ ਅਤੇ ਸ਼ਹਿਰ ਦੀਆਂ ਨਾਮੀਂ ਸ਼ਖਸੀਅਤਾਂ ਵਿੱਚੋਂ ਜਾਣੇ ਜਾਂਦੇ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਵੱਲੋਂ ਵੱਲੋਂ ਪੂਰੀ ਤਰ੍ਹਾਂ ਨਾਲ ਤਿਆਰੀ ਕਰਕੇ ਚੋਣਾਂ ਵਿੱਚ ਹਿੱਸਾ ਲਿਆ ਗਿਆ ਹੈ, ਜਿਹੜੇ ਕਿ ਕੁੱਝ ਵਾਰਡਾਂ ਵਿੱਚ ਸਫ਼ਲ ਹੁੰਦੇ ਦਿਖਾਈ ਦੇ ਰਹੇ ਹਨ। ਜੇਕਰ ਦੇਖਿਆ ਜਾਵੇ ਤਾਂ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਵੋਟ ਨੂੰ ਪ੍ਰਭਾਵਿਤ ਹੋਵੇਗੀ ਤੇ ਅਕਾਲੀ ਦਲ ਵੋਟ ਪਹਿਲਾਂ ਨਾਲੋਂ ਹੋਰ ਵਧੇਗੀ। ਇਸ ਤੋਂ ਇਲਾਵਾ ਅਕਾਲੀ ਦਲ ਦੇ ਸੀਨੀਅਰ ਆਗੂ ਨਿਰਮਲ ਸਿੰਘ ਧਾਲੀਵਾਲ ਦਾ ਸਿਆਸੀ ਛੱਕਾ ਵੀ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਨੂੰ ਵੱਡਾ ਫ਼ਾਇਦਾ ਕਰੇਗਾ। 
 ਚੋਣਾਂ ਵਿੱਚ ਖ਼ਾਸ ਦਿਲਚਸਪੀ ਰੱਖਣ ਵਾਲੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਆਪ ਦੇ ਬੁਲਾਰੇ ਰਮਨ ਚਾਂਦੀ ਨਾਲ ਹੋਏ ਘਟਨਾਕ੍ਰਮ ਦਾ ਵੀ ਸ਼ਹਿਰ ਦੀਆਂ ਚੋਣਾਂ ਵਿੱਚ ਅਸਰ ਪਵੇਗਾ। ਜਦੋਂ ਕਿ ਵਿਧਾਇਕ ਗਿਆਸਪੁਰਾ ਦੇ ਸਾਥੀਆਂ ਵੱਲੋਂ ਕਈ ਤਰ੍ਹਾਂ ਕਾਰਵਾਈਆਂ ਕੀਤੀਆਂ ਗਈਆਂ ਹੋਣਗੀਆਂ ਕਿ ਰਮਨ ਚਾਂਦੀ ਦੀ ਚੁੱਪ ਦਾ ਆਪ ਉਮੀਦਵਾਰਾਂ 'ਤੇ ਕੋਈ ਅਸ਼ਰ ਨਾ ਪੈ ਸਕੇ। ਜਦੋਂ ਕਿ ਆਪ ਦੇ ਬੁਲਾਰੇ ਨੂੰ ਨਗਰ ਕੌਂਸਲ ਚੋਣਾਂ ਵਿੱਚ ਸਾਈਡ 'ਤੇ ਕਰਨ ਦਾ ਅਸਰ ਹੋਰ ਹੀ ਵੇਖਣ ਨੂੰ ਮਿਲਿਆ। ਭਰੋਸੇਯੋਗ ਸੂਤਰਾਂ ਅਨੁਸਾਰ ਸ਼ਹਿਰ ਵਿੱਚ ਇਹ ਖੁੰਡ ਚਰਚਾ ਵੀ ਆਮ ਚੱਲ ਰਹੀ ਹੈ ਕਿ ਮੌਜੂਦਾ ਸਰਕਾਰ ਦੇ ਇੱਕਾ ਦੁੱਕਾ  ਉਮੀਦਵਾਰਾਂ ਵੱਲੋਂ ਚੰਗੀ ਤਰ੍ਹਾਂ ਆਪਣੇ ਵਾਰਡਾਂ ਵਿੱਚ ਚੋਣ ਕੰਪੇਨ ਨਾ ਕਰਨਾ ਵੀ ਸਿਰਫ਼ ਖਾਨਾ ਪੂਰਤੀ  ਹੀ ਬਣਿਆ ਰਿਹਾ। ਵੈਸੇ ਸਿਆਸੀ ਚਰਚਾਵਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਹਿਰ ਦੇ ਬਹੁ ਗਿਣਤੀ ਲੋਕ ਸਾਬਕਾ ਪ੍ਰਧਾਨ ਗੋਗਾ ਨੂੰ ਹੀ ਨਗਰ ਕੌਂਸਲ ਦਾ ਪ੍ਰਧਾਨ ਦੇਖਣਾ ਚਾਹੁੰਦੇ ਹਨ।

ਇਸ ਤੋਂ ਇਲਾਵਾ ਹੋਰਨਾਂ ਗਤੀਵਿਧੀਆਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵਾਰ ਨਤੀਜੇ ਹੈਰਾਨੀਜਨਕ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਤੱਥਾਂ ਨੂੰ ਅਸੀਂ ਤਸਦੀਕ ਨਹੀਂ ਕਰ ਰਹੇ , ਪਰ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਰ ਵੋਟਿੰਗ ਪਿਛਲੇ ਸਮੇਂ ਤਕਰੀਬਨ 84 ਪ੍ਰਤੀਸ਼ਤ ਦੇ ਮੁਕਾਬਲੇ 80 ਪ੍ਰਤੀਸ਼ਤ ਦੇ ਕਰੀਬ ਹੋਈ ਹੈ, ਜੋ ਕਿ ਲੋਕਾਂ ਦੇ ਰੋਹ ਦਾ ਪ੍ਰਤੀਕ ਵੀ ਲੱਗ ਰਹੀ ਹੈ। ਵੈਸੇ ਸ਼ਹਿਰ ਵਿੱਚ ਚੱਲ ਰਹੀਆਂ ਚਰਚਾਵਾਂ ਇਹ ਦਰਸਾ ਰਹੀਆਂ ਹਨ ਕਿ ਇਸ ਵਾਰ ਨਗਰ ਕੌਂਸਲ ਪਾਇਲ ਦੀਆਂ ਚੋਣਾਂ ਦੇ ਨਤੀਜੇ ਹਲਕਾ ਵਿਧਾਇਕ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਆਸ ਨਾਲੋਂ ਉਲਟ ਆ ਸਕਦੇ ਹਨ। ਹੁਣ ਨਗਰ ਕੌਂਸਲ ਪਾਇਲ ਦੀਆਂ ਚੋਣਾਂ ਵਿੱਚ ਹਿੱਸਾ ਲੈ ਰਹੇ ਕਿਹੜੇ ਉਮੀਦਵਾਰ ਜਿੱਤ ਦੇ ਡੰਕੇ ਵਜਾਉਣਗੇ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਇਹ ਗੱਲ ਭਾਵੇਂ ਸੱਚ ਹੈ ਜਾਂ ਨਹੀਂ, ਪਰ ਕੁੱਝ ਹੱਦ ਤੱਕ ਸ਼ਹਿਰ ਵਾਸੀਆਂ ਸਮੇਤ ਹਲਕੇ ਦੇ ਲੋਕ ਕਿਆਸ ਲਗਾ ਰਹੇ ਹਨ ਕਿ ਨਗਰ ਕੌਂਸਲ ਦੋਰਾਹਾ ਤੇ ਪਾਇਲ ਵਿੱਚ ਕੁੱਝ ਆਗੂ ਰਲ ਕੇ ਫਰੈਂਡਲੀ ਮੈਚ ਖੇਡ ਰਹੇ ਹਨ । 
ਇੱਕ ਚਰਚਿਤ ਗੀਤ ਦੇ ਬੋਲਾਂ ਦੀ ਤਰ੍ਹਾਂ ਅੰਦਰਖਾਤੇ ਹੋਈ ਆਪਸੀ ਮਿਲੀਭੁਗਤ ਤਹਿਤ ਹਲਕਾ ਪਾਇਲ ਦੇ ਲੋਕ ਦੋਰਾਹਾ ਅਤੇ ਪਾਇਲ ਸ਼ਹਿਰ ਨੂੰ ਲੈ ਕੇ ਇਹ ਚਰਚਾ ਵੀ ਕਰ ਰਹੇ ਹਨ ਕਿ 

 ਟਿਕਟਾਂ ਦੋ ਲੈ ਲਈਂ , ਇੱਕ ਤੇਰੀ ਤੇ ਇੱਕ ਮੇਰੀ। 
 ਵੇ ਟਿਕਟਾਂ ਦੋ ਲੈ ਲਈਂ ......।
ਪਾਇਲ 
ਸੁਖਵੰਤ ਸਿੰਘ ਸ਼ਾਹਪੁਰ 

Post a Comment

Previous Post Next Post