HUKAMNAMA SAHIB

ਸੂਹੀ ਮਹਲਾ ੫ ॥ ਘਰ ਮਹਿ ਠਾਕੁਰੁ ਨਦਰਿ ਨ ਆਵੈ ॥ ਗਲ ਮਹਿ ਪਾਹਣੁ ਲੈ ਲਟਕਾਵੈ ॥੧॥ ਭਰਮੇ ਭੂਲਾ ਸਾਕਤੁ ਫਿਰਤਾ ॥ ਨੀਰੁ ਬਿਰੋਲੈ ਖਪਿ ਖਪਿ ਮਰਤਾ ॥੧॥ ਰਹਾਉ ॥ ਜਿਸੁ ਪਾਹਣ ਕਉ ਠਾਕੁਰੁ ਕਹਤਾ ॥ ਓਹੁ ਪਾਹਣੁ ਲੈ ਉਸ ਕਉ ਡੁਬਤਾ ॥੨॥ ਗੁਨਹਗਾਰ ਲੂਣ ਹਰਾਮੀ ॥ ਪਾਹਣ ਨਾਵ ਨ ਪਾਰਗਿਰਾਮੀ ॥੩॥ ਗੁਰ ਮਿਲਿ ਨਾਨਕ ਠਾਕੁਰੁ ਜਾਤਾ ॥ ਜਲਿ ਥਲਿ ਮਹੀਅਲਿ ਪੂਰਨ ਬਿਧਾਤਾ ॥੪॥੩॥੯॥ {ਪੰਨਾ 739} ਅਰਥ: ਹੇ ਭਾਈ! ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਤੁਰਿਆ ਫਿਰਦਾ ਹੈ। (ਮੂਰਤੀ ਪੂਜਾ ਕਰ ਕੇ) ਪਾਣੀ (ਹੀ) ਰਿੜਕਦਾ ਹੈ, ਇਹ ਵਿਅਰਥ ਮੇਹਨਤ ਕਰ ਕੇ ਆਤਮਕ ਮੌਤ ਸਹੇੜਦਾ ਰਹਿੰਦਾ ਹੈ।੧।ਰਹਾਉ। (ਸਾਕਤ ਨੂੰ ਆਪਣੇ) ਹਿਰਦੇ-ਘਰ ਵਿਚ ਮਾਲਕ-ਪ੍ਰਭੂ (ਵੱਸਦਾ) ਨਹੀਂ ਦਿੱਸਦਾ ਪੱਥਰ (ਦੀ ਮੂਰਤੀ) ਲੈ ਕੇ ਆਪਣੇ ਗਲ ਵਿਚ ਲਟਕਾਈ ਫਿਰਦਾ ਹੈ।੧। ਹੇ ਭਾਈ! ਸਾਕਤ ਮਨੁੱਖ ਜਿਸ ਪੱਥਰ ਨੂੰ ਪਰਮਾਤਮਾ ਆਖਦਾ (ਸਮਝਦਾ) ਰਹਿੰਦਾ ਹੈ, ਉਹ ਪੱਥਰ (ਆਪਣੇ) ਉਸ (ਪੁਜਾਰੀ) ਨੂੰ ਭੀ ਲੈ ਕੇ (ਪਾਣੀ ਵਿਚ) ਡੁੱਬ ਜਾਂਦਾ ਹੈ।੨। ਹੇ ਪਾਪੀ! ਹੇ ਅਕਿਰਤਘਣ! ਪੱਥਰ ਦੀ ਬੇੜੀ (ਨਦੀ ਤੋਂ) ਪਾਰ ਨਹੀਂ ਲੰਘ ਸਕਦੀ (ਪੱਥਰ ਦੀ ਮੂਰਤੀ ਦੀ ਪੂਜਾ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਾ ਸਕਦੀ) ।੩। ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ ਮਾਲਕ-ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੈ, ਉਸ ਨੂੰ ਉਹ ਕਰਤਾਰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਵੱਸਦਾ ਦਿੱਸਦਾ ਹੈ।੪।੩।੯।

Post a Comment