ਕਿਸਾਨਾਂ ਦੀਆਂ ਹਤੈਸ਼ੀ ਕਹਾਉਣ ਵਾਲੀਆਂ ਸਰਕਾਰਾਂ ਹੁਣ ਤੱਕ ਮੰਡੀਆਂ ਵਿੱਚ ਸ਼ੈਡ ਵੀ ਨਹੀਂ ਪਵਾ ਸਕੀਆਂ

ਪੰਜਾਬ ਖੇਤੀ ਪ੍ਰਧਾਨ ਰਾਜ ਹੈ ਜੋ ਕਿ ਦੇਸ਼ ਦੇ ਵੱਡੇ ਹਿੱਸੇ ਲਈ ਅਨਾਜ ਪੈਦਾ ਕਰਦਾ ਹੈ | ਪਰ ਜਦੋਂ ਵੀ ਵੋਟਾਂ ਹੁੰਦੀਆਂ ਹਨ ਤਾਂ ਸਿਆਸੀ ਆਗੂਆਂ ਵੱਲੋਂ ਕਿਸਾਨ ਹਤੈਸ਼ੀ ਅਤੇ ਲੋਕ ਹਤੈਸ਼ੀ ਦੇ ਨਾਰੇ ਦੇ ਕੇ ਵੋਟਾਂ ਮੰਗੀਆਂ ਜਾਂਦੀਆਂ ਹਨ | ਜਦੋਂ ਉਹ ਆਪਣੀਆਂ ਕੁਰਸੀਆਂ ਸੰਭਾਲ ਲੈਂਦੇ ਹਨ ਤਾਂ ਆਪਣੇ ਕੀਤੇ ਵਾਅਦੇ ਭੁੱਲ ਜਾਂਦੇ ਹਨ | ਅਜਿਹਾ ਹੀ ਦੇਖਣ ਨੂੰ ਮਿਲਿਆ ਜਦੋਂ ਫ਼ਤਿਹ ਐਕਸਪ੍ਰੈਸ ਅਖ਼ਬਾਰ ਦੀ ਟੀਮ ਵੱਲੋਂ ਅਨਾਜ ਮੰਡੀ ਖਾਸੀ ਕਲਾਂ ਅਤੇ ਅਨਾਜ ਮੰਡੀ ਧਨਾਨਸੂ ਦਾ ਦੌਰਾ ਭਾਰੀ ਮੀਹ ਪੈਣ ਤੋਂ ਬਾਅਦ ਕੀਤਾ ਗਿਆ| ਜਦੋਂ ਅਨਾਜ ਮੰਡੀ ਵਿੱਚ ਪਹੁੰਚ ਕੇ ਦੇਖਿਆ ਗਿਆ ਕਿ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਖੁੱਲੇ ਅਸਮਾਨ ਦੇ ਵਿੱਚ ਪਈ ਦਿਸੀ | ਜਿਸ ਨੂੰ ਕਿ ਸਿਰਫ ਪਾਟੀਆਂ ਤਰਪਾਲਾਂ ਰਾਹੀਂ ਹੀ ਢਕਿਆ ਹੋਇਆ ਮਿਲਿਆ | ਇਸ ਸਬੰਧੀ ਜਦੋਂ ਕੁਝ ਕਿਸਾਨਾਂ ਅਤੇ ਆੜਤੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਜਦੋਂ ਤਾਂ ਕਮੇਟੀਆਂ ਦੇ ਅਹੁਦੇਦਾਰਾਂ ਨੇ ਬਣਨਾ ਹੁੰਦਾ ਹੈ ਤਾਂ ਉਦੋਂ ਤਾਂ ਵੱਡੇ ਵੱਡੇ ਵਾਅਦੇ ਹੀ ਕੀਤੇ ਜਾਂਦੇ ਹਨ ਕਿ ਸ਼ੈਡ ਲਗਾਏ ਜਾਣਗੇ ਫੜ ਪੱਕੇ ਕੀਤੇ ਜਾਣਗੇ ਪਾਣੀ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਪਰ ਜਦੋਂ ਫ਼ਸਲ ਦਾ ਸਮਾਂ ਆਉਂਦਾ ਹੈ ਤਾਂ ਸਾਰੇ ਹੀ ਆਪਣਾ ਪੱਲਾ ਝਾੜ ਜਾਂਦੇ ਹਨ | 


ਇਹ ਦ੍ਰਿਸ਼ ਦੇਖਣ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਜਿਵੇਂ ਅਹੁਦੇਦਾਰ ਸਿਰਫ ਆਪਣੀਆਂ ਜੇਬਾਂ ਗਰਮ ਕਰਨ ਅਤੇ ਆਪਣੇ ਅਹੁਦੇਦਾਰੀਆਂ ਦਿਖਾਉਣ ਤੱਕ ਹੀ ਸੀਮਤ ਹਨ ਜਿਨਾਂ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਨਾਲ ਕੋਈ ਵਾਹ ਵਾਸਤਾ ਨਹੀਂ |

 ਜਪਿੰਦਰ ਸਿੰਘ ਗਰੇਵਾਲ  82609-00005

Post a Comment

Previous Post Next Post